Bhagat Bani Vicch Pesh Adhiatmikta Tey Dharmik Pratirodh

Exploring the Tradition of Bhagat Bani and its Impact on Spiritual and Religious Practices in Indian Society

by Dr. Preet Inder Singh*,

- Published in Journal of Advances and Scholarly Researches in Allied Education, E-ISSN: 2230-7540

Volume 16, Issue No. 6, May 2019, Pages 3176 - 3180 (5)

Published by: Ignited Minds Journals


ABSTRACT

ਭਗਤ ਬਾਣੀ ਅਧਿਆਤਮਕ ਤੇ ਧਾਰਮਿਕ ਦਰਸ਼ਨ ਦੀ ਪਰੰਪਰਾ ਨੂੰ ਪ੍ਰਤਿਰੋਧਕ ਸੁਰ ਰਾਹੀਂ ਵਿਕਸਿਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਦਾ ਮੂਲ ਸਵਰ ਜਿਥੇ ਸਮਾਜਿਕ ਵਿਕਾਰਾਂ ‘ਤੇ ਚੋਟ ਕਰਨਾ ਹੈ, ਉਥੇ ਅਧਿਆਤਮਕਤਾ ਅਤੇ ਧਾਰਮਿਕਤਾ ਦੇ ਆਦਰਸ਼ੀਕਰਣ ਨੂੰ ਨਵਾਂ ਰੂਪ ਦੇਣਾ ਵੀ ਹੈ। ਭਗਤੀ ਲਹਿਰ ਦੀ ਉਤਪਤੀ ਸਮੇਂ ਆਮ ਭਾਰਤੀ ਲੋਕ ਫੋਕਟ ਕਰਮ-ਕਾਡਾਂ ਵਿਚ ਫਸੇ ਅਧਿਆਤਮਕਤਾ ਤੇ ਨੈਤਿਕਤਾ ਤੋਂ ਸੱਖਣੇ ਸਨ। ਮੱਧਕਾਲੀਨ ਭਾਰਤੀ ਧਰਮਾਂ ਵਿੱਚ ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ, ਅਡੰਬਰਾਂ ਨੂੰ ਜਨ-ਸਾਧਾਰਣ ‘ਤੇ ਜ਼ਬਰਦਸਤੀ ਥੋਪਣਾ ਅਤੇ ਦੂਜੇ ਪਾਸੇ ਇਸਲਾਮ ਦਾ ਭਾਰਤੀ ਲੋਕਾਂ ’ਤੇ ਗਲਬਾ ਪੈਣਾ, ਅਜਿਹੇ ਮਾਰੂ ਪ੍ਰਭਾਵ ਹਨ, ਜਿਨ੍ਹਾਂ ਵਿਚ ਭਗਤੀ ਲਹਿਰ ਦਾ ਉਦੈ ਹੁੰਦਾ ਹੈ। ਭਗਤ ਕਵੀਆਂ ਨੇ ਵਿਰਾਸਤ ਵਿਚ ਪ੍ਰਾਪਤ ਉਨ੍ਹਾਂ ਦਾਰਸ਼ਨਿਕਾਂ ਮੁੱਲਾਂ ਨੂੰ ਸਥਾਈ ਰੂਪ ਵਿਚ ਪੁਨਰ-ਪਰਿਭਾਸ਼ਿਤ ਤੇ ਪੁਨਰ-ਸਥਾਪਿਤ ਕੀਤਾ, ਜਿਨ੍ਹਾਂ ਦਾ ਨਿਰੂਪਣ ਬੁੱਧ ਨੇ ਸੈਂਕੜੇ ਸਾਲ ਪਹਿਲਾਂ ਕੀਤਾ ਸੀ ਅਤੇ ਵੇਦਾਂ ਨੂੰ ਗਿਆਨ ਦਾ ਕੇਂਦਰ ਨਾ ਮੰਨ ਕੇ ਆਪਣੇ ਅੰਦਰ ਗਿਆਨ ਨੂੰ ਪ੍ਰਾਪਤ ਕਰ ਲੈਣ ਨੂੰ ਮਾਨਤਾ ਦਿੱਤੀ। ਭਗਤੀ ਲਹਿਰ ਬੜੀ ਮਹੱਤਵਪੂਰਨ ਅਤੇ ਯੁੱਗ ਪ੍ਰਵਰਤਕ ਲਹਿਰ ਮੰਨੀ ਜਾਂਦੀ ਹੈ ਕਿਉਂਕਿ ਇਹ ਲਹਿਰ ਭਾਰਤ ਵਿਚ ਚੱਲੀਆਂ ਵੱਖ-ਵੱਖ ਲਹਿਰਾਂ ਵਿਚੋਂ ਇਕ ਹੈ। ਅਸਲ ਵਿਚ ਭਗਤੀ ਲਹਿਰ ਦਾ ਭਾਰਤੀ ਅਧਿਆਤਮਕ ਜਗਤ ਵਿਚ ਇਕ ਵਿਲੱਖਣ ਤੇ ਗੌਰਵਸ਼ਾਲੀ ਯੋਗਦਾਨ ਹੈ। “ਭਗਤਾਂ ਨੂੰ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਸੰਤ ਵੀ ਕਿਹਾ ਜਾਂਦਾ ਹੈ। ਸੰਤ ਲੋਕ ਧਰਮਾਤਮਾ ਪੁਰਸ਼ ਸਨ, ਜਿਨ੍ਹਾਂ ਨੂੰ ਆਤਮਿਕ ਰੂਪ ਵਿਚ ਪ੍ਰਮਾਤਮਾ ਨਾਲ ਇੱਕ-ਮਿੱਕ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਦੇ ਆਤਮਿਕ ਕਲਿਆਣ ਹਿੱਤ ਅਰਪਣ ਕੀਤਾ ਹੋਇਆ ਸੀ ਅਤੇ ਲੋਕਾਂ ਦੀਆਂ ਧਰਮ-ਭਾਵਨਾਵਾਂ ਨੂੰ ਪ੍ਰੇਰਿਤ ਤੇ ਉਤੇਜਿਤ ਕਰਦੇ ਸਨ। ਉਹ ਵਿਸ਼ੇਸ਼ ਤੌਰ ਤੇ ਦਲਿਤ ਤੇ ਨਿਤਾਣੇ ਲੋਕਾਂ ਨੂੰ ਉਪਰ ਉਠਾਣ ਹਿੱਤ ਕਰਮ ਕਰਦੇ ਸਨ, ਜਾਤ-ਪਾਤ ਤੇ ਊਚ-ਨੀਚ ਦੇ ਵਿਰੋਧੀ ਸਨ ਅਤੇ ਆਚਰਨ ਦੀ ਸੁਚੱਮਤਾ, ਨਾ ਕਿ ਵਿਖਾਲੇ ਦੇ ਕਰਮ-ਕਾਂਡ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਨੇ ਭਰੋਸੇ ਤੇ ਪ੍ਰੇਮ ਦਾ ਸਬਕ ਦਿੱਤਾ ਅਤੇ ਸ਼ੰਕਾਵਾਦ ਤੇ ਹਉਮੈ ਦੀ ਨਿਖੇਧੀ ਕੀਤੀ। ਸਭ ਤੋਂ ਉਤਮ ਪ੍ਰੇਮ ਕੁਦਰਤ ਅਤੇ ਜੀਵਨ ਵਿਚ ਵਿਆਪਕ ਪ੍ਰਭੂ ਦਾ ਪ੍ਰੇਮ ਸੀ।”1 ਭਗਤ ਕਵੀਆਂ ਨੇ ਆਪਣੇ ਜੀਵਨ ਵਿਚ ਸਮਾਜ ਵਿਚ ਪ੍ਰਚੱਲਿਤ ਮਨੁੱਖਤਾ ਮਾਰੂ ਕਦਰਾਂ ਕੀਮਤਾਂ ਦੇ ਖਿਲਾਫ਼, ਭਾਰਤੀ ਜਨਤਾ ਨੂੰ ਪ੍ਰਭੂ ਭਗਤੀ ਦਾ ਸਰਲ ਰਸਤਾ ਦਿਖਾਇਆ।

KEYWORD

Bhagat Bani, Adhiatmikta, Dharmik Pratirodh, Guru Granth Sahib, Bhakti Lahar, Religious Philosophy, Spirituality, Ethics, Cultural Practices, Indian Society